ਚੰਡੀਗੜ੍ਹ: ਬੀਤੇ ਦਿਨੀਂ ਫੀਡ ਫਰੰਟ ਪੰਜਾਬ ਮੈਨੇਜਮੈਂਟ ਕਮੇਟੀ (FMCP) ਦੀ ਹੋਈ ਚੋਣ ਤੋਂ ਬਾਅਦ, 14 ਦਸੰਬਰ 2025 ਨੂੰ ਚੰਡੀਗੜ੍ਹ ਵਿਖੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ ਬੜੇ ਯਾਦਗਾਰੀ ਢੰਗ ਨਾਲ ਸੰਪੰਨ ਹੋਇਆ। ਇਸ ਸਮਾਗਮ ਵਿੱਚ ਸਾਰੇ ਨਵੇਂ ਮੈਂਬਰਾਂ ਨੂੰ ਮੁੱਖ ਸੰਪਾਦਕ ਹਰਸ਼ ਗੋਗੀ ਵੱਲੋਂ ਸੰਵਿਧਾਨ ਅਨੁਸਾਰ ਸਹੁੰ ਚੁਕਾਈ ਗਈ। ਸਮਾਗਮ ਦੀ ਜਾਣਕਾਰੀ ਦਿੰਦਿਆਂ ਕਨਵੀਨਰ ਮਨਜੀਤ ਸਿੰਘ ਨੇ ਦੱਸਿਆ ਕਿ ਮੁੱਖ ਮਹਿਮਾਨਾਂ ਵਜੋਂ ਐਸ.ਕੇ. ਸੇਤੀਆ (HCS, ਹਰਿਆਣਾ), ਜਸਵੀਰ ਸਿੰਘ ਬੰਟੀ (ਸੀਨੀਅਰ ਡਿਪਟੀ ਮੇਅਰ, ਚੰਡੀਗੜ੍ਹ) ਅਤੇ ਚੇਅਰਮੈਨ ਕੁਲਵੰਤ ਸਿੰਘ (ਚੰਡੀਗੜ੍ਹ ਕਸ਼ਯਪ ਰਾਜਪੂਤ ਸਭਾ) ਸ਼ਾਮਿਲ ਹੋਏ।
ਸੇਤੀਆ ਵੱਲੋਂ ਪ੍ਰੈਸ ਦੀ ਇਮਾਨਦਾਰੀ ਦੀ ਤਾਰੀਫ਼:
ਮੁੱਖ ਮਹਿਮਾਨ ਐਸ.ਕੇ. ਸੇਤੀਆ ਨੇ ਆਪਣੇ ਸੰਬੋਧਨ ਵਿੱਚ ਪੱਤਰਕਾਰਾਂ ਨੂੰ ਖਾਸ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੈਸ ਨੂੰ ਪੂਰੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ:
“ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਜੇ ਅਗਰ ਉਹ ਚੰਗਾ ਕੰਮ ਕਰਦੀ ਹੈ ਤਾਂ ਉਸ ਦੀ ਤਾਰੀਫ਼ ਕਰੋ, ਅਗਰ ਜੇ ਕੋਈ ਮਾੜਾ ਕੰਮ ਕਰਦੀ ਹੈ ਤਾਂ ਉਸ ਦੀ ਬੁਰਾਈ ਕਰੋ। ਪੱਤਰਕਾਰ ਦੀ ਕਲਮ ਹਮੇਸ਼ਾ ਸੱਚਾਈ ਦੇ ਰਸਤੇ ‘ਤੇ ਚੱਲਣੀ ਚਾਹੀਦੀ ਹੈ। ਫਿੰਟ ਦੀਆਂ ਖ਼ਬਰਾਂ ਨਿਰਪੱਖਤਾ ਤੇ ਅਧਾਰਿਤ ਹੁੰਦੀਆਂ ਹਨ ਜਿਸ ਲਈ ਇਸਦੀ ਟੀਮ ਸਰੲਹਨਾ ਦੀ ਪਾਤਰ ਹੈ”
ਉਨ੍ਹਾਂ ਪੱਤਰਕਾਰਾਂ ਨੂੰ ਲੋਕਾਂ ਦੇ ਨਾਲ ਖੜ੍ਹੇ ਹੋਣ ਅਤੇ ਵਿਕਾਸ ਦੇ ਮੁੱਦੇ ਉਜਾਗਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਸੇ ਵੀ ਲਾਲਚ ਵਿੱਚ ਆ ਕੇ ਆਪਣੀ ਛਵੀ ਖਰਾਬ ਨਾ ਕਰਨ ਦੀ ਅਪੀਲ ਕੀਤੀ।
ਡਿਪਟੀ ਮੇਅਰ ਬੰਟੀ ਨੇ ਕੀਤੀ ਮੁੱਖ ਸੰਪਾਦਕ ਦੀ ਤਾਰੀਫ਼:
ਸੀਨੀਅਰ ਡਿਪਟੀ ਮੇਅਰ ਜਸਵੀਰ ਸਿੰਘ ਬੰਟੀ ਨੇ ਨਵੀਂ ਚੁਣੀ ਕਮੇਟੀ ਨੂੰ ਮੁਬਾਰਕਬਾਦ ਦਿੱਤੀ ਅਤੇ ਮੁੱਖ ਸੰਪਾਦਕ ਹਰਸ਼ ਗੋਗੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਬਹੁਤ ਵਧੀਆ ਮੈਨੇਜਮੈਂਟ ਕਮੇਟੀ ਅਤੇ ਪੱਤਰਕਾਰਾਂ ਨੂੰ ਇਕਜੁੱਟ ਕੀਤਾ ਹੈ। ਉਨ੍ਹਾਂ ਵੀ ਫੀਡ ਫਰੰਟ ਨੂੰ ਆਪਣਾ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ। ਚੇਅਰਮੈਨ ਕੁਲਵੰਤ ਸਿੰਘ ਨੇ ਵੀ ਨਵੀਂ ਕਮੇਟੀ ਨੂੰ ਵਧਾਈ ਦਿੱਤੀ ਅਤੇ ਸਾਥ ਦੇਣ ਦਾ ਭਰੋਸਾ ਦਿੱਤਾ।
ਚੀਫ਼ ਐਡੀਟਰ ਅਤੇ ਅਹੁਦੇਦਾਰਾਂ ਦਾ ਸੰਬੋਧਨ:
ਮੁੱਖ ਸੰਪਾਦਕ ਹਰਸ਼ ਗੋਗੀ ਨੇ ਨਵੀਂ ਚੁਣੀ ਕਮੇਟੀ ਨੂੰ ਸਹੁੰ ਚੁਕਾਉਣ ਤੋਂ ਬਾਅਦ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ। ਨਵੇਂ ਚੁਣੇ ਅਹੁਦੇਦਾਰਾਂ ਨੂੰ ਸਰਟੀਫਿਕੇਟ ਅਤੇ ਅਪੋਆਇੰਟਮੈਂਟ ਲੈਟਰ ਵੀ ਦਿੱਤੇ ਗਏ।
ਇਸ ਮੌਕੇ ਜੋਇੰਟ ਪ੍ਰਧਾਨ ਨਰੇਸ਼ ਕੁਮਾਰ ਅਤੇ ਆਸ਼ਾ ਗੁਪਤਾ ਨੇ ਵੀ ਆਪਣੇ ਸਾਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਵਾਈਸ ਪ੍ਰਧਾਨ ਸਰਵਣ ਹੰਸ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਫੀਡ ਫਰੰਟ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ।
ਸਰਵਣ ਹੰਸ ਨੇ ਸਾਬਕਾ ਪ੍ਰਧਾਨ ਪਰਮਜੀਤ ਮਹਿਰਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਮਾਰਗਦਰਸ਼ਕ ਰਹਿਣਗੇ। ਉਨ੍ਹਾਂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਨਰਿੰਦਰ ਸਿੰਘ ਅਤੇ ਮਨਜੀਤ ਸਿੰਘ ਅਤੇ ਕਸ਼ਯਪ ਰਾਜਪੂਤ ਸਭਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਲਈ ਚਾਹ ਅਤੇ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ।
ਸਮਾਗਮ ਦੀਆਂ ਯਾਦਗਾਰੀ ਤਸਵੀਰਾਂ:



































