ਚੰਡੀਗੜ੍ਹ: ਭਾਰਤ ਚੋਣ ਕਮਿਸ਼ਨ (ECI) ਵੱਲੋਂ ਪੰਜਾਬ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR)-2026 ਦੀ ਪ੍ਰਕਿਰਿਆ 25 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਜੋ 24 ਜੁਲਾਈ 2026 ਤੱਕ ਚੱਲੇਗੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ ਹੋਰ ਸ਼ੁੱਧ, ਅਪਡੇਟ ਅਤੇ ਗਲਤੀ-ਰਹਿਤ ਬਣਾਉਣਾ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਜਾਰੀ ਕੀਤੀ ਗਈ ਸੂਚਨਾ ਅਨੁਸਾਰ ਇਸ ਦੌਰਾਨ ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਨਗੇ ਅਤੇ ਨਵੀਂ ਸੂਚਨਾ ਇਕੱਠੀ ਕਰਨਗੇ। ਹਰ ਵੋਟਰ ਨੂੰ ਆਪਣੀ ਪਛਾਣ ਅਤੇ ਯੋਗਤਾ ਸਾਬਤ ਕਰਨ ਲਈ ਲੋੜੀਂਦੇ ਦਸਤਾਵੇਜ਼ ਤਿਆਰ ਰੱਖਣ ਦੀ ਅਪੀਲ ਕੀਤੀ ਗਈ ਹੈ।

ਸੂਚਨਾ ਵਿੱਚ ਕਿਹਾ ਗਿਆ ਹੈ ਕਿ 25 ਜੂਨ 2026 ਤੋਂ BLO ਜਦੋਂ ਵੀ ਤੁਹਾਡੇ ਘਰ ਆਵੇ, ਤਾਂ ਉਸ ਨੂੰ ਲੋੜੀਂਦੇ ਦਸਤਾਵੇਜ਼ ਜ਼ਰੂਰ ਦਿਖਾਏ ਜਾਣ, ਤਾਂ ਜੋ ਵੋਟਰ ਸੂਚੀ ਵਿੱਚ ਤੁਹਾਡੀ ਐਂਟਰੀ ਸਹੀ ਢੰਗ ਨਾਲ ਦਰਜ ਹੋ ਸਕੇ।
ਇਹ ਦਸਤਾਵੇਜ਼ ਰੱਖੋ ਤਿਆਰ
ਵੋਟਰ ਜਾਂਚ ਦੌਰਾਨ ਹੇਠ ਲਿਖੇ ਦਸਤਾਵੇਜ਼ਾਂ ਵਿੱਚੋਂ ਸੰਬੰਧਿਤ ਦਸਤਾਵੇਜ਼ ਮੰਗੇ ਜਾ ਸਕਦੇ ਹਨ:
- ਦਸਵੀਂ ਜਾਂ ਬਾਰਹਵੀਂ ਦਾ ਸਰਟੀਫਿਕੇਟ
- ਜਨਮ ਸਰਟੀਫਿਕੇਟ
- ਜਾਤੀ ਸਰਟੀਫਿਕੇਟ (ਜਿੱਥੇ ਲਾਗੂ ਹੋਵੇ)
- ਰਿਹਾਇਸ਼ ਦਾ ਸਰਟੀਫਿਕੇਟ
- ਪਾਸਪੋਰਟ
- ਸਰਕਾਰੀ ਪੈਨਸ਼ਨ ਕਾਰਡ
- ਸਰਕਾਰੀ ਨੌਕਰੀ ਦਾ ਆਈ.ਡੀ. ਕਾਰਡ
- ਰਜਿਸਟਰੀ ਜਾਂ ਮਾਲਕੀ ਨਾਲ ਸੰਬੰਧਿਤ ਦਸਤਾਵੇਜ਼
- ਪੈਨ ਕਾਰਡ
- ਆਧਾਰ ਕਾਰਡ (ਸਿਰਫ਼ ਪਛਾਣ ਲਈ)
- ਮਾਪਿਆਂ ਵਿੱਚੋਂ ਕਿਸੇ ਇੱਕ ਦਾ ਜਨਮ ਸਬੰਧੀ ਦਸਤਾਵੇਜ਼
- ਪੁਰਾਣਾ ਰਾਸ਼ਨ ਕਾਰਡ
ਸੂਚਨਾ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਨਿਰਧਾਰਿਤ ਸਮੇਂ ਦੌਰਾਨ ਲੋੜੀਂਦੀ ਜਾਣਕਾਰੀ ਜਾਂ ਦਸਤਾਵੇਜ਼ ਉਪਲਬਧ ਨਾ ਕਰਵਾਏ ਗਏ ਤਾਂ ਵੋਟਰ ਸੂਚੀ ਦੀ ਜਾਂਚ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਹਰ ਨਾਗਰਿਕ ਨੂੰ BLO ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫ਼ਵਾਹ ‘ਤੇ ਵਿਸ਼ਵਾਸ ਨਾ ਕਰਨ ਅਤੇ ਆਪਣੇ ਵੇਰਵਿਆਂ ਦੀ ਸਹੀ ਤਸਦੀਕ ਕਰਵਾਉਣ। ਕਮਿਸ਼ਨ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮਕਸਦ ਵੋਟਰ ਸੂਚੀ ਨੂੰ ਹੋਰ ਭਰੋਸੇਯੋਗ ਅਤੇ ਸਹੀ ਬਣਾਉਣਾ ਹੈ ਅਤੇ ਯੋਗ ਵੋਟਰਾਂ ਨੂੰ ਸੂਚੀ ਵਿੱਚ ਸ਼ਾਮਲ ਰੱਖਣਾ ਹੈ।
