ਇਸ ਸਮੇਂ ਇੰਟਰਨੈੱਟ ਮੀਡੀਆ ‘ਤੇ ‘ਪਿਛਲੀ ਸਦੀ ਦੇ ਨੌਵੇਂ ਦਹਾਕੇ ਦਾ ਏਆਈ ਪੋਟ੍ਰੇਟ’ ਤੇ ‘ਰੈਟਰੋ ਲੁਕ’ ਦਾ ਜਾਦੂ ਛਾਇਆ ਹੋਇਆ ਹੈ। ਨਾ ਸਿਰਫ ਆਮ ਲੋਕ ਸਗੋਂ ਸੰਸਦ ਮੈਂਬਰ, ਵਿਧਾਇਕ, ਮੰਤਰੀ, ਇੱਥੇ ਤੱਕ ਕਿ ਕੁਝ ਅਧਿਕਾਰੀ ਵੀ, ਗੱਲ ਕੀ, ਹਰ ਕੋਈ ਆਪਣੀਆਂ ਤਸਵੀਰਾਂ ਨੂੰ ਏਆਈ ਐਪ ਜ਼ਰੀਏ ਕਲਾਸਿਕ ਅੰਦਾਜ਼ ਵਿਚ ਬਦਲ ਕੇ ਅੱਪਲੋਡ ਕਰ ਰਹੇ ਹਨ।
ਖੂਬਸੂਰਤ ਦਿਖਣ ਦੀ ਦੌੜ, ਪਰ ਪਿੱਛੇ ਲੁਕਿਆ ਵੱਡਾ ਖ਼ਤਰਾ
ਦੂਜੇ ਪਾਸੇ, ਇਹ ਖੂਬਸੂਰਤ ਅਤੇ ਟ੍ਰੈਂਡਿੰਗ ਦਿਖਾਈ ਦੇਣ ਦੀ ਦੌੜ ਕਿਸੇ ਦੀ ਵੀ ਸਾਇਬਰ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ। ਸਾਈਬਰ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਟ੍ਰੈਂਡ ਦੀ ਆੜ ਵਿਚ ਸਾਇਬਰ ਅਪਰਾਧੀ ਲੋਕਾਂ ਦੇ ਬਾਇਓਮੈਟ੍ਰਿਕ ਪਛਾਣ, ਫੋਟੋ, ਸਰੀਰਕ ਬਣਤਰ ਅਤੇ ਹੋਰ ਨਿੱਜੀ ਡਾਟਾ ਵਿਚ ਦਖ਼ਲ ਦੇ ਰਹੇ ਹਨ। ਇਸ ਦੀ ਵਰਤੋਂ ਉਹ ਨਾ-ਸਿਰਫ਼ ਠੱਗੀ ਲਈ, ਸਗੋਂ ਬਦਨਾਮ ਕਰਨ ਤੇ ਅਸ਼ਲੀਲ ਫੋਟੋ-ਵੀਡੀਓ ਬਣਾਉਣ ਵਿਚ ਵੀ ਕਰ ਸਕਦੇ ਹਨ। ਲੋਕ ਇਸ ਖ਼ਤਰੇ ਤੋਂ ਅਨਜਾਣ ਹਨ ਅਤੇ ਸਿਰਫ ਇੰਟਰਨੈੱਟ ਮੀਡੀਆ ‘ਤੇ ਚੱਲ ਰਹੇ ਟ੍ਰੈਂਡ ਦਾ ਹਿੱਸਾ ਬਣਨ ਦੀ ਦੌੜ ਵਿਚ ਆਪਣੀ ਸਾਰੀ ਜਾਣਕਾਰੀ ਇਨ੍ਹਾਂ ਐਪਸ ਨੂੰ ਸੌਂਪ ਰਹੇ ਹਨ।
ਫੋਟੋ ਅਪਲੋਡ ਕਰਦਿਆਂ ਹੀ ਵਿਦੇਸ਼ੀ ਸਰਵਰ ਤੱਕ ਪਹੁੰਚ ਜਾਂਦਾ ਹੈ ਤੁਹਾਡਾ ਡਾਟਾ
ਮਾਹਰਾਂ ਅਨੁਸਾਰ, ਏਆਈ ਫੋਟੋ ਜਨਰੇਟ ਕਰਨ ਵਾਲੇ ਕਈ ਅਨਜਾਣ ਐਪਸ ਅਤੇ ਵੈੱਬ ਲਿੰਕਸ ਪ੍ਰੋਸੈਸਿੰਗ ਦੇ ਨਾਂ ‘ਤੇ ਯੂਜ਼ਰਾਂ ਤੋਂ ਉਨ੍ਹਾਂ ਦੀਆਂ ਹਾਈ-ਕੁਆਲਿਟੀ ਫੋਟੋਆਂ ਮੰਗਦੇ ਹਨ। ਫੋਟੋ ਅਪਲੋਡ ਕਰਦੇ ਹੀ, ਜਾਣੇ-ਅਨਜਾਣੇ ਵਿਚ ਯੂਜ਼ਰ ਆਪਣੀ ਬਾਇਓਮੈਟ੍ਰਿਕ ਪਛਾਣ ਅਤੇ ਸੰਵੇਦਨਸ਼ੀਲ ਡਾਟਾ ਵਿਦੇਸ਼ੀ ਜਾਂ ਅਸੁਰੱਖਿਅਤ ਸਰਵਰ ‘ਤੇ ਸਾਂਝਾ ਕਰ ਬੈਠਦੇ ਹਨ।
ਸਾਵਧਾਨ! ਇਨ੍ਹਾਂ ਚਾਰ ਵੱਡੇ ਖ਼ਤਰਿਆਂ ਦਾ ਹੈ ਖ਼ਦਸ਼ਾ
ਬਾਇਓਮੈਟ੍ਰਿਕ ਡਾਟਾ ਦੀ ਚੋਰੀ: ਹਾਈ-ਰਿਜ਼ੋਲਿਊਸ਼ਨ ਤਸਵੀਰਾਂ ਤੋਂ ਚਿਹਰੇ ਦੀ ਬਣਾਵਟ (ਫੇਸ਼ੀਅਲ ਰਿਕਗਨਿਸ਼ਨ) ਦਾ ਡਾਟਾ ਚੋਰੀ ਕੀਤਾ ਜਾ ਸਕਦਾ ਹੈ, ਜਿਸ ਦੀ ਵਰਤੋਂ ਗ਼ਲਤ ਤਰੀਕੇ ਨਾਲ ਕੀਤਾ ਜਾ ਸਕਦੀ ਹੈ। ਡੀਪਫੇਕ ਨਾਲ ਬਲੈਕਮੇਲਿੰਗ: ਅਪਰਾਧੀ ਇਨ੍ਹਾਂ ਤਸਵੀਰਾਂ ਦੀ ਵਰਤੋਂ ਏਆਈ-ਜਨਰੇਟਡ ਡੀਪਫੇਕ ਵੀਡੀਓ ਬਣਾਉਣ ਵਿਚ ਕਰ ਸਕਦੇ ਹਨ, ਜਿਸ ਤੋਂ ਬਾਅਦ ਇਹ ਬਲੈਕਮੇਲਿੰਗ ਕਰਦੇ ਹਨ। ਅਜਿਹੇ ਮਾਮਲੇ ਪਹਿਲਾਂ ਵੀ ਆਏ ਹਨ, ਜਦੋਂ ਮੋਬਾਈਲ ਵਿਚ ਦਖ਼ਲ ਦੇ ਕੇ ਗੈਲਰੀ ਤੋਂ ਫੋਟੋਆਂ ਚੋਰੀ ਕੀਤੀਆਂ ਗਈਆਂ ਅਤੇ ਡੀਪਫੇਕ ਦੇ ਜ਼ਰੀਏ ਇਨ੍ਹਾਂ ਦੀ ਗ਼ਲਤ ਵਰਤੋਂ ਕੀਤੀ ਗਈ। ਫੋਨ ‘ਤੇ ਕੰਟਰੋਲ: ਏਆਈ ਐਪਸ ਫੋਟੋ ਪ੍ਰੋਸੈਸ ਕਰਨ ਦੇ ਬਹਾਨੇ ਫੋਨ ਦੀ ਗੈਲਰੀ, ਸੰਪਰਕ ਸੂਚੀ, ਜੀਪੀਐੱਸ, ਟੈਕਸਟ ਮੈਸੇਜ ਆਦਿ ਦੀ ਆਗਿਆ ਮੰਗ ਲੈਂਦੇ ਹਨ। ਫਰਜ਼ੀ ਬੈਂਕ ਖਾਤੇ: ਬਾਇਓਮੈਟ੍ਰਿਕ ਸਕੈਨ ਅਤੇ ਫੋਟੋ ਦੇ ਜ਼ਰੀਏ ਜਾਲਸਾਜ਼ ਫਰਜ਼ੀ ਪਛਾਣ ਪੱਤਰ ਤਿਆਰ ਕਰ ਕੇ ਸਾਇਬਰ ਠੱਗੀ ਅਤੇ ਫਰਜ਼ੀ ਬੈਂਕ ਖਾਤੇ ਖੋਲ੍ਹਣ ਵਰਗੇ ਅਪਰਾਧਾਂ ਨੂੰ ਅੰਜਾਮ ਦੇ ਸਕਦੇ ਹਨ। ਬਾਇਓਮੈਟ੍ਰਿਕ ਭੁਗਤਾਨ ਜ਼ਰੀਏ ਆਧਾਰ ਨਾਲ ਖਾਤੇ ਵਿਚ ਦਖ਼ਲ ਦੇ ਸਕਦੇ ਹਨ।
ਮਾਹਰਾਂ ਦੀ ਸਲਾਹ, ਸਾਵਧਾਨੀ ਹੀ ਬਚਾਅ
ਮਾਹਰਾਂ ਦੀ ਰਾਇ ਹੈ ਕਿ ਅਨਜਾਣ ਏਆਈ ਐਪਸ ਨੂੰ ਕਦੇ ਵੀ ਆਪਣੇ ਫੋਨ ਦੀ ਆਗਿਆ ਨਾ ਦਿੱਤੀ ਜਾਵੇ। ਕਿਸੇ ਵੀ ਤੀਜੇ ਪਾਰਟੀ ਲਿੰਕ ਜਾਂ ਐਪ ‘ਤੇ ਆਪਣੀਆਂ ਅਸਲੀ ਤਸਵੀਰਾਂ ਅੱਪਲੋਡ ਕਰਨ ਤੋਂ ਬਚਿਆ ਜਾਵੇ। ਜੇ ਐਪ ਤੁਹਾਡੀ ਸੰਪਰਕ ਸੂਚੀ ਜਾਂ ਸਥਾਨ ਦੀ ਮੰਗ ਕਰਦਾ ਹੈ, ਤਾਂ ਉਸ ਨੂੰ ਤੁਰੰਤ ਅਨਇੰਸਟਾਲ ਕੀਤਾ ਜਾਵੇ। ਰੇਟਰੋ ਲੁਕ ਪ੍ਰਾਪਤ ਕਰਨ ਦੀ ਦੌੜ ਵਿਚ ਲੋਕ ਆਪਣਾ ਨਿੱਜੀ ਡਾਟਾ ਦੂਜਿਆਂ ਨੂੰ ਸੌਂਪ ਰਹੇ ਹਨ, ਸਾਵਧਾਨ ਰਹਿਣ ਦੀ ਲੋੜ ਹੈ।
ਸੰਪਾਦਕੀ ਟਿੱਪਣੀ:
ਟੈਕਨਾਲੋਜੀ ਦੇ ਦੌਰ ਵਿੱਚ ਟ੍ਰੈਂਡ ਦਾ ਹਿੱਸਾ ਬਣਨ ਦੀ ਦੌੜ ਅਕਸਰ ਲੋਕਾਂ ਨੂੰ ਸੰਭਾਵੀ ਖ਼ਤਰਿਆਂ ਤੋਂ ਅੰਨ੍ਹਾ ਕਰ ਦਿੰਦੀ ਹੈ। ਇਹ ਬੜੀ ਵਿਡੰਬਨਾ ਹੈ ਕਿ ਆਮ ਲੋਕਾਂ ਤੋਂ ਲੈ ਕੇ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕ ਵੀ ਬਿਨਾਂ ਸੋਚੇ-ਸਮਝੇ ਆਪਣਾ ਨਿੱਜੀ ਡਾਟਾ ਅਨਜਾਣ ਐਪਸ ਨੂੰ ਸੌਂਪ ਰਹੇ ਹਨ। ਬਾਇਓਮੈਟ੍ਰਿਕ ਪਛਾਣ ਵਰਗਾ ਸੰਵੇਦਨਸ਼ੀਲ ਡਾਟਾ ਇੱਕ ਵਾਰ ਗੁਆਚਣ ਤੋਂ ਬਾਅਦ ਵਾਪਸ ਨਹੀਂ ਲਿਆਂਦਾ ਜਾ ਸਕਦਾ, ਇਸ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ ਹੈ। ਸਰਕਾਰ ਅਤੇ ਸਾਈਬਰ ਸੁਰੱਖਿਆ ਏਜੰਸੀਆਂ ਨੂੰ ਅਜਿਹੇ ਐਪਸ ਦੀ ਨਿਗਰਾਨੀ ਵਧਾਉਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਵੀ ਪਲ ਭਰ ਦੀ ਖੂਬਸੂਰਤੀ ਲਈ ਆਪਣੀ ਨਿੱਜੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।
