ਬਰਨਾਲਾ: (ਗੁਰਸੇਵਕ ਸਹੋਤਾ) ਪਿਛਲੇ ਕੁਝ ਸਮੇਂ ਤੋਂ ਪੈਟਰੋਲ ਤੇ ਡੀਜ਼ਲ ਦੀ ਸੰਭਾਵਿਤ ਕਿੱਲਤ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ਤੇ ਸਰਕਾਰ ਵਲੋਂ ਜਾਰੀ ਚੇਤਾਵਨੀਆਂ ਦਾ ਅਸਰ ਹੁਣ ਹਕੀਕਤ ਦੇ ਰੂਪ ’ਚ ਧਰਾਤਲ ’ਤੇ ਦਿਖਾਈ ਦੇਣ ਲੱਗ ਪਿਆ ਹੈ। ਬਰਨਾਲਾ ਸ਼ਹਿਰ ’ਚ ਪੈਟਰੋਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਆਮ ਜਨਜੀਵਨ ਉੱਪਰ ਇਸ ਦਾ ਸਿੱਧਾ ਅਸਰ ਪੈਣਾ ਸੁਭਾਵਿਕ ਹੈ। ਸ਼ਹਿਰ ਦਾ ਇਕ ਪੈਟਰੋਲ ਪੰਪ ਖ਼ਾਲੀ (ਡਰਾਈ) ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਰਨਾਲਾ ਦੇ ਸਭ ਤੋਂ ਅਹਿਮ ਸਥਾਨ ਕਚਿਹਰੀ ਚੌਂਕ ਸਥਿਤ ਦੀਵਾਨ ਚੰਦ ਬਾਂਸਲ ਭਾਰਤ ਪੈਟਰੋਲੀਅਮ ਦੇ ਪੰਪ ’ਤੇ ਬੁੱਧਵਾਰ ਦੁਪਹਿਰ ਨਾਰਮਲ ਪੈਟਰੋਲ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਪੰਪ ’ਤੇ ਤੇਲ ਖਤਮ ਹੋਣ ਸਦਕਾ ਬਹੁਤੇ ਵਾਹਨ ਚਾਲਕ ਖਾਲੀ ਹੱਥ ਵਾਪਸ ਮੁੜਦੇ ਤੇ ਵਾਹਨ ਚਾਲਕਾਂ ’ਚ ਭਾਰੀ ਪ੍ਰੇਸ਼ਾਨੀ ਦੇਖਣ ਨੂੰ ਮਿਲੀ।
ਅਚਾਨਕ ਸੁੱਕਿਆ ਤੇਲ ਦਾ ਖੂਹ
ਨਾਰਮਲ ਪੈਟਰੋਲ ਖਤਮ ਹੋਣ ਤੋਂ ਬਾਅਦ ਪੰਪ ਪ੍ਰਬੰਧਕਾਂ ਵਲੋਂ ਵਾਹਨ ਚਾਲਕਾਂ ਨੂੰ ਸਿਰਫ਼ ਪ੍ਰੀਮੀਅਮ ਯਾਨੀ ਪਾਵਰ ਪੈਟਰੋਲ ਹੀ ਵੇਚਿਆ ਜਾ ਰਿਹਾ ਸੀ। ਆਪਣੇ ਜ਼ਰੂਰੀ ਕੰਮਾਂ-ਕਾਰਾਂ ’ਤੇ ਜਾਣ ਵਾਲੇ ਲੋਕਾਂ ਕੋਲ ਕੋਈ ਦੂਸਰਾ ਵਿਕਲਪ ਨਾ ਹੋਣ ਕਾਰਨ, ਉਨ੍ਹਾਂ ਨੂੰ ਮਜਬੂਰੀ ਵੱਸ ਕਰੀਬ 10 ਰੁਪਏ ਪ੍ਰਤੀ ਲੀਟਰ ਮਹਿੰਗਾ ਪੈਟਰੋਲ ਖ਼ਰੀਦ ਕੇ ਆਪਣੀ ਜੇਬ ਹੌਲੀ ਕਰਨੀ ਪਈ। ਇਸ ਸਥਿਤੀ ਕਾਰਨ ਆਮ ਨਾਗਰਿਕਾਂ, ਖਾਸ ਕਰਕੇ ਨੌਕਰੀਪੇਸ਼ਾ ਤੇ ਦਿਹਾੜੀਦਾਰ ਵਰਗ ’ਚ ਭਾਰੀ ਰੋਸ ਦੇਖਿਆ ਗਿਆ। ਪੰਪ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਬਠਿੰਡਾ ਡਿਪੂ ਤੋਂ ਸ਼ਾਮ ਤਕ ਗੱਡੀ ਆਉਣ ਤੋਂ ਬਾਅਦ ਹੀ ਨਾਰਮਲ ਤੇਲ ਦੀ ਸਪਲਾਈ ਆਮ ਵਾਂਗ ਬਹਾਲ ਕੀਤੀ ਜਾ ਸਕੇਗੀ।
ਸ਼ਿਕਾਇਤ ਦਰਜ ਕਰਨ ਤੋਂ ਇਨਕਾਰ
ਤੇਲ ਦੀ ਇਸ ਅਚਾਨਕ ਪੈਦਾ ਹੋਈ ਕਿੱਲਤ ਤੇ ਮਹਿੰਗਾ ਪੈਟਰੋਲ ਵੇਚ ਕੇ ਲੋਕਾਂ ’ਤੇ ਪਾਏ ਜਾ ਰਹੇ ਵਾਧੂ ਆਰਥਿਕ ਬੋਝ ਤੋਂ ਪ੍ਰੇਸ਼ਾਨ ਇਕ ਜਾਗਰੂਕ ਵਾਹਨ ਚਾਲਕ ਨੇ ਜਦੋਂ ਪੰਪ ਦੇ ਦਫ਼ਤਰ ਪਹੁੰਚ ਕੇ ਅਧਿਕਾਰਤ ਤੌਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾਂ ਸ਼ਿਕਾਇਤ ਬੁਕ ਮੰਗੇ ਜਾਣ ’ਤੇ ਪੰਪ ਪ੍ਰਬੰਧਕਾਂ ਨੇ ਸ਼ਿਕਾਇਤ ਬੁੱਖ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪ੍ਰਬੰਧਕਾਂ ਨੇ ਤਰਕ ਦਿੱਤਾ ਕਿ ਪੈਟਰੋਲ ਖ਼ਤਮ ਹੋਣਾ ਇਕ ਕੁਦਰਤੀ ਪ੍ਰਕਿਰਿਆ ਹੈ। ਇਸ ਦੀ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਬਣਦੀ। ਇਸ ਲਈ ਸ਼ਿਕਾਇਤ ਬੁਕ ਨਹੀਂ ਦਿੱਤੀ ਜਾ ਸਕਦੀ।
ਨਿੱਜੀ ਕੰਪਨੀਆਂ ਦਾ ਹੱਥ ਖਿੱਚਣਾ ਬਣਿਆ ਕਾਰਨ
ਇਸ ਸਬੰਧੀ ਜਦੋਂ ਭਾਰਤ ਪੈਟਰੋਲੀਅਮ ਦੇ ਸੇਲਜ਼ ਮੈਨੇਜਰ ਹਨੂੰਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜੀਓ ਤੇ ਨਾਇਰਾ ਕੰਪਨੀਆਂ ਪੈਟਰੋਲ ਪੰਪਾਂ ਦੀ ਸਪਲਾਈ ਲਗਭਗ ਬੰਦ ਕਰ ਦਿੱਤੀ ਹੈ। ਪ੍ਰਾਈਵੇਟ ਪੰਪ ਬੰਦ ਹੋਣ ਕਾਰਨ ਉੱਥੋਂ ਦੇ ਗਾਹਕ ਸਰਕਾਰੀ ਕੰਪਨੀਆਂ ਦੇ ਪੰਪਾਂ ਵੱਲ ਤਬਦੀਲ ਹੋ ਗਏ ਹਨ। ਸਰਕਾਰੀ ਪੰਪਾਂ ’ਤੇ ਸੇਲ ਅਚਾਨਕ ਵਧ ਗਈ ਹੈ। ਇਸ ਬਾਰੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਠਿੰਡਾ ਡਿਪੂ ਤੋਂ ਤੇਲ ਦੀ ਗੱਡੀ (ਟੈਂਕਰ) ਬਰਨਾਲਾ ਲਈ ਨਿਕਲ ਚੁੱਕੀ ਹੈ ਤੇ ਅਗਲੇ ਦੋ-ਤਿੰਨ ਘੰਟਿਆਂ ’ਚ ਨਾਰਮਲ ਪੈਟਰੋਲ ਪੰਪ ’ਤੇ ਪਹੁੰਚ ਜਾਵੇਗਾ। ਜਿਸ ਤੋਂ ਬਾਅਦ ਸਪਲਾਈ ਬਹਾਲ ਹੋ ਜਾਵੇਗੀ।
ਸੰਪਾਦਕੀ ਟਿੱਪਣੀ: ਬਰਨਾਲਾ ਦੇ ਮੁੱਖ ਚੌਂਕ ਵਿੱਚ ਸਥਿਤ ਪੈਟਰੋਲ ਪੰਪ ਦਾ ਖ਼ਾਲੀ ਹੋਣਾ ਅਤੇ ਖਪਤਕਾਰਾਂ ਨੂੰ ਮਜਬੂਰੀ ਵਿੱਚ 10 ਰੁਪਏ ਮਹਿੰਗਾ ਤੇਲ ਖ਼ਰੀਦਣਾ ਪੈਣਾ ਪ੍ਰਸ਼ਾਸਨਿਕ ਅਤੇ ਸਪਲਾਈ ਪ੍ਰਬੰਧਨ ਦੀ ਇੱਕ ਵੱਡੀ ਕਮੀ ਨੂੰ ਉਜਾਗਰ ਕਰਦਾ ਹੈ। ਨਿੱਜੀ ਕੰਪਨੀਆਂ ਵੱਲੋਂ ਸਪਲਾਈ ਬੰਦ ਕਰਨ ਕਾਰਨ ਸਰਕਾਰੀ ਪੰਪਾਂ ‘ਤੇ ਵਧੇ ਬੋਝ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾਣਾ ਚਾਹੀਦਾ ਸੀ। ਇਸ ਤੋਂ ਵੀ ਵੱਧ ਚਿੰਤਾਜਨਕ ਪੰਪ ਪ੍ਰਬੰਧਕਾਂ ਦਾ ਸ਼ਿਕਾਇਤ ਬੁੱਕ ਦੇਣ ਤੋਂ ਇਨਕਾਰ ਕਰਨਾ ਹੈ, ਜੋ ਉਪਭੋਗਤਾ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਤੇਲ ਦੀ ਸਪਲਾਈ ਬਹਾਲ ਹੋਣ ਦਾ ਦਾਅਵਾ ਆਪਣੀ ਜਗ੍ਹਾ ਹੈ, ਪਰ ਅਜਿਹੇ ਅਚਾਨਕ ਪੈਦਾ ਹੋਣ ਵਾਲੇ ਸੰਕਟਾਂ ਨਾਲ ਨਜਿੱਠਣ ਲਈ ਪੁਖ਼ਤਾ ਨੀਤੀ ਦੀ ਲੋੜ ਹੈ ਤਾਂ ਜੋ ਆਮ ਨਾਗਰਿਕਾਂ ਅਤੇ ਖ਼ਾਸ ਕਰਕੇ ਦਿਹਾੜੀਦਾਰ ਵਰਗ ‘ਤੇ ਅਜਿਹਾ ਨਾਜਾਇਜ਼ ਆਰਥਿਕ ਬੋਝ ਨਾ ਪਵੇ।
