ਮਹਿਲ ਕਲਾਂ: ਮਹਿਲ ਕਲਾਂ ਦੀ ਮੁੱਖ ਮਾਰਕੀਟ ਤੇ ਬੱਸ ਸਟੈਂਡ ’ਚ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾ ਦੀ ਸਰਗਰਮੀ ਦੁਕਾਨਦਾਰਾਂ ਅਤੇ ਖਰੀਦਦਾਰੀ ਲਈ ਆਉਣ ਵਾਲੇ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਮਹਿਲ ਕਲਾਂ ਦੀ ਮਾਰਕੀਟ ’ਚ ਇਹ ਸਮੱਸਿਆ ਇਸ ਹੱਦ ਤੱਕ ਵਧ ਗਈ ਹੈ ਕਿ ਗਾਹਕਾਂ ਨੂੰ ਆਪਣੀ ਗੱਡੀ ਪਾਰਕ ਕਰਕੇ ਦੁਕਾਨ ਤੱਕ ਪਹੁੰਚਣ ਸਮੇਂ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਹੀ ਕੋਈ ਗਾਹਕ ਆਪਣੀ ਗੱਡੀ ਮਾਰਕੀਟ ’ਚ ਰੋਕਦਾ ਹੈ, ਉਸ ਨੂੰ ਦੇਖ ਕੇ ਭੀਖ ਮੰਗਣ ਵਾਲੇ ਬੱਚੇ ਅਤੇ ਕਈ ਵਾਰ ਉਨ੍ਹਾਂ ਦੇ ਮਾਪੇ ਜਾਂ ਹੋਰ ਵਿਅਕਤੀ ਤੁਰੰਤ ਗੱਡੀ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ।
‘ਨਾ ਨਾ’ ਕਹਿਣ ‘ਤੇ ਵੀ ਪਿੱਛਾ ਨਹੀਂ ਛੱਡਦੇ ਅਤੇ ਬੋਲਦੇ ਹਨ ਬੁਰਾ-ਭਲਾ
ਗੱਡੀ ’ਚੋਂ ਉਤਰਨ ਵਾਲੇ ਵਿਅਕਤੀ ਨੂੰ ਵਾਰ-ਵਾਰ ਪੈਸੇ ਦੇਣ ਜਾਂ ਖਾਣ-ਪੀਣ ਦੀ ਕੋਈ ਚੀਜ਼ ਲੈ ਕੇ ਦੇਣ ਲਈ ਕਿਹਾ ਜਾਂਦਾ ਹੈ। ਕਈ ਵਾਰ ਤਾਂ ਇੱਕ ਵਿਅਕਤੀ ਦੇ ਪਿੱਛੇ ਕਈ-ਕਈ ਬੱਚੇ ਲੱਗ ਜਾਂਦੇ ਹਨ, ਜਿਸ ਕਾਰਨ ਗਾਹਕ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਮਾਰਕੀਟ ’ਚ ਖਰੀਦਦਾਰੀ ਕਰਨ ਆਉਣ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਲੋੜਵੰਦ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ ਉਹ ਜ਼ਰੂਰ ਕਰਦੇ ਹਨ, ਪਰ ਜਦੋਂ ਕਿਸੇ ਵਿਅਕਤੀ ਨੂੰ ਘੇਰ ਕੇ ਵਾਰ-ਵਾਰ ਪੈਸੇ ਜਾਂ ਕੋਈ ਚੀਜ਼ ਦੇਣ ਲਈ ਮਜਬੂਰ ਕੀਤਾ ਜਾਵੇ ਤਾਂ ਇਹ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਜੇਕਰ ਕੋਈ ਵਿਅਕਤੀ ਪੈਸੇ ਦੇਣ ਤੋਂ ਇਨਕਾਰ ਕਰ ਦੇਵੇ ਜਾਂ ਕੋਈ ਚੀਜ਼ ਦੇਣ ਤੋਂ ਮਨ੍ਹਾ ਕਰੇ ਤਾਂ ਇਹ ਬੱਚੇ ਉਸਨੂੰ ਬੁਰਾ-ਭਲਾ ਬੋਲਦੇ ਹਨ।
ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਦਾ ਡਰ
ਇਸ ਸਬੰਧੀ ਅਨਮੋਲ ਬਰਤਨ ਸਟੋਰ ਦੇ ਮਾਲਕ ਜਸਵੰਤ ਸਿੰਘ ਲਾਲੀ ਅਤੇ ਜਸ ਸਟੂਡੀਓ ਮਹਿਲ ਕਲਾਂ ਦੇ ਐੱਮਡੀ ਹਰਪਾਲ ਸਿੰਘ ਪਾਲੀ ਵਜੀਦਕੇ ਨੇ ਕਿਹਾ ਕਿ ਇਹ ਸਮੱਸਿਆ ਸਿਰਫ਼ ਭੀਖ ਮੰਗਣ ਤੱਕ ਸੀਮਤ ਨਹੀਂ ਰਹੀ। ਜਦੋਂ ਦੁਕਾਨ ਦੇ ਬਾਹਰ ਗਾਹਕਾਂ ਨੂੰ ਘੇਰਿਆ ਜਾਂਦਾ ਹੈ ਜਾਂ ਬੱਚੇ ਵਾਰ-ਵਾਰ ਦੁਕਾਨ ਦੇ ਅੰਦਰ-ਬਾਹਰ ਆਉਂਦੇ ਹਨ ਤਾਂ ਇਸ ਨਾਲ ਦੁਕਾਨਦਾਰਾਂ ਨੂੰ ਵੀ ਮੁਸ਼ਕਲ ਆਉਂਦੀ ਹੈ। ਬਾਹਰੋਂ ਆਉਣ ਵਾਲੇ ਗਾਹਕ ਅਜਿਹੀ ਸਥਿਤੀ ਦੇਖ ਕੇ ਕਈ ਵਾਰ ਬਹੁਤ ਪਰੇਸ਼ਾਨ ਹੋ ਜਾਂਦੇ ਹਨ।
ਸੜਕਾਂ ‘ਤੇ ਰੁਲਦਾ ਬਚਪਨ ਅਤੇ ਬਾਲ ਸੁਰੱਖਿਆ ਦਾ ਗੰਭੀਰ ਮੁੱਦਾ
ਇਸ ਮਾਮਲੇ ਦਾ ਇੱਕ ਹੋਰ ਗੰਭੀਰ ਪੱਖ ਇਹ ਵੀ ਹੈ ਕਿ ਭੀਖ ਮੰਗਣ ਵਾਲਿਆਂ ’ਚ ਵੱਡੀ ਗਿਣਤੀ ਬੱਚਿਆਂ ਦੀ ਹੈ। ਜੇਕਰ ਇਹ ਬੱਚੇ ਸਕੂਲ ਜਾਣ ਅਤੇ ਪੜ੍ਹਾਈ ਕਰਨ ਦੀ ਉਮਰ ’ਚ ਸੜਕਾਂ ’ਤੇ ਭੀਖ ਮੰਗ ਰਹੇ ਹਨ ਤਾਂ ਇਹ ਸਿਰਫ਼ ਮਾਰਕੀਟ ਦੀ ਸਮੱਸਿਆ ਨਹੀਂ, ਸਗੋਂ ਬੱਚਿਆਂ ਦੇ ਭਵਿੱਖ ਤੇ ਬਾਲ ਸੁਰੱਖਿਆ ਨਾਲ ਜੁੜਿਆ ਮਾਮਲਾ ਵੀ ਹੈ। ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਸਿਰਫ਼ ਭੀਖ ਮੰਗਣ ਵਾਲਿਆਂ ਨੂੰ ਮਾਰਕੀਟ ’ਚੋਂ ਹਟਾਉਣ ਤੱਕ ਸੀਮਤ ਨਾ ਰਹਿਣ, ਸਗੋਂ ਇਹ ਵੀ ਪਤਾ ਲਗਾਇਆ ਜਾਵੇ ਕਿ ਬੱਚੇ ਕਿੱਥੋਂ ਆ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਸਥਿਤੀ ਕੀ ਹੈ ਅਤੇ ਕੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਭੀਖ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਪੱਕਾ ਹੱਲ ਕਰੇ: ਪ੍ਰਧਾਨ ਗਗਨ ਸਰਾਂ
ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਕੁਰੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਹਿਲ ਕਲਾਂ ਦੀ ਮਾਰਕੀਟ ’ਚ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ। ਜੇਕਰ ਕੋਈ ਪਰਿਵਾਰ ਆਰਥਿਕ ਤੌਰ ’ਤੇ ਭੀਖ ਮੰਗਣ ਲਈ ਮਜ਼ਬੂਰ ਹੈ ਤਾਂ ਉਸ ਨੂੰ ਸਰਕਾਰੀ ਭਲਾਈ ਸਕੀਮਾਂ ਨਾਲ ਜੋੜਿਆ ਜਾਵੇ ਅਤੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਕਦਮ ਚੁੱਕੇ ਜਾਣ। ਲੋੜਵੰਦ ਲੋਕਾਂ ਦੀ ਮਦਦ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ, ਪਰ ਕਿਸੇ ਰਾਹਗੀਰ ਜਾਂ ਗਾਹਕ ਨੂੰ ਘੇਰ ਕੇ ਜਾਂ ਦਬਾਅ ਪਾ ਕੇ ਪੈਸੇ ਲੈਣਾ ਇੱਕ ਗੰਭੀਰ ਸਮੱਸਿਆ ਹੈ। ਪ੍ਰਸ਼ਾਸਨ ਨੂੰ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਦੇ ਨਾਲ-ਨਾਲ ਇਨ੍ਹਾਂ ਬੱਚਿਆਂ ਤੇ ਪਰਿਵਾਰਾਂ ਦੀ ਅਸਲ ਸਥਿਤੀ ਨੂੰ ਸਮਝਦਿਆਂ ਅਜਿਹਾ ਹੱਲ ਕੱਢਣਾ ਚਾਹੀਦਾ ਹੈ, ਜਿਸ ਨਾਲ ਮਾਰਕੀਟ ’ਚ ਆਮ ਲੋਕਾਂ ਨੂੰ ਰਾਹਤ ਮਿਲੇ ਤੇ ਬੱਚਿਆਂ ਦਾ ਭਵਿੱਖ ਵੀ ਸੁਰੱਖਿਅਤ ਹੋ ਸਕੇ।
ਸੰਪਾਦਕੀ ਟਿੱਪਣੀ: ਮਹਿਲ ਕਲਾਂ ਦੀ ਮਾਰਕੀਟ ਵਿੱਚ ਬਾਲ ਭਿਖਾਰੀਆਂ ਦੀ ਵੱਧਦੀ ਗਿਣਤੀ ਕੇਵਲ ਆਮ ਨਾਗਰਿਕਾਂ ਅਤੇ ਦੁਕਾਨਦਾਰਾਂ ਲਈ ਪਰੇਸ਼ਾਨੀ ਦਾ ਵਿਸ਼ਾ ਨਹੀਂ ਹੈ, ਸਗੋਂ ਇਹ ਸਾਡੇ ਸਮਾਜਿਕ ਅਤੇ ਪ੍ਰਸ਼ਾਸਨਿਕ ਢਾਂਚੇ ‘ਤੇ ਵੀ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ। ਮਾਸੂਮ ਬੱਚਿਆਂ ਦੇ ਹੱਥਾਂ ਵਿੱਚ ਕਲਮਾਂ ਦੀ ਥਾਂ ਭੀਖ ਦੇ ਕਟੋਰੇ ਹੋਣਾ ਬਾਲ ਅਧਿਕਾਰਾਂ ਦੀ ਸਰੇਆਮ ਉਲੰਘਣਾ ਹੈ। ਪ੍ਰਸ਼ਾਸਨ ਅਤੇ ਬਾਲ ਸੁਰੱਖਿਆ ਵਿਭਾਗ ਨੂੰ ਕੇਵਲ ਸਤਹੀ ਕਾਰਵਾਈ ਕਰਨ ਦੀ ਬਜਾਏ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਇਹ ਬੱਚੇ ਮਜਬੂਰੀਵਸ਼ ਭੀਖ ਮੰਗ ਰਹੇ ਹਨ ਜਾਂ ਇਸ ਪਿੱਛੇ ਕੋਈ ਸੰਗਠਿਤ ਗਿਰੋਹ ਕੰਮ ਕਰ ਰਿਹਾ ਹੈ। ਲੋੜਵੰਦ ਪਰਿਵਾਰਾਂ ਨੂੰ ਭਲਾਈ ਸਕੀਮਾਂ ਨਾਲ ਜੋੜਨਾ ਅਤੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣਾ ਹੀ ਇਸ ਸਮੱਸਿਆ ਦਾ ਇੱਕੋ-ਇੱਕ ਸਥਾਈ ਹੱਲ ਹੋ ਸਕਦਾ ਹੈ।
