ਕਹਿੰਦੇ ਹਨ ਜਦੋਂ ਜਦੋਂ ਲੋਕ ਦੁੱਖਾਂ ਦੇ ਸਮੁੰਦਰ ਵਿੱਚ ਡੁੱਬ ਕੇ ਰੱਬ ਅੱਗੇ ਅਰਦਾਸ ਕਰਦੇ ਹਨ, ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦੀ ਪੀੜ ਸੁਣਦਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਇਸਨੂੰ ਅਵਤਾਰ ਕਹਿੰਦੇ ਸਨ, ਜੋ ਧਰਤੀ ’ਤੇ ਆ ਕੇ ਦੁਖੀ ਲੋਕਾਂ ਦੇ ਦਰਦ ਦੂਰ ਕਰਦੇ ਸਨ। ਅੱਜ ਦਾ ਯੁੱਗ ਭਾਵੇਂ ਮਾਡਰਨ ਹੋ ਗਿਆ ਹੋਵੇ, ਲੋਕ ਭਾਵੇਂ ਅਵਤਾਰਾਂ ਦੀ ਗੱਲ ਨੂੰ ਕਹਾਣੀਆਂ ਸਮਝਣ ਲੱਗ ਪਏ ਹੋਣ, ਪਰ ਇੱਕ ਗੱਲ ਅੱਜ ਵੀ ਸੱਚ ਹੈ – ਰੱਬ ਅੱਜ ਵੀ ਕੁਝ ਐਸੇ ਇਨਸਾਨ ਪੈਦਾ ਕਰਦਾ ਹੈ, ਜੋ ਆਪਣੇ ਲੋਕਾਂ ਦਾ ਦਰਦ ਆਪਣਾ ਸਮਝਦੇ ਹਨ ਅਤੇ ਬਿਨਾਂ ਕਿਸੇ ਲਾਲਚ ਦੇ ਉਹਨਾਂ ਲਈ ਖੜ੍ਹੇ ਹੋ ਜਾਂਦੇ ਹਨ।
ਨਕੋਦਰ ਸ਼ਹਿਰ ਦੇ ਵਾਰਡ ਨੰਬਰ 6 ਦੀ ਕਹਾਣੀ ਵੀ ਕੁਝ ਐਸੀ ਹੀ ਹੈ। ਸਾਲਾਂ ਤੋਂ ਲੋਕ ਬੁਨਿਆਦੀ ਸੁਵਿਧਾਵਾਂ ਲਈ ਤਰਸਦੇ ਰਹੇ। ਕਿਤੇ ਪੀਣ ਵਾਲੇ ਸਾਫ਼ ਪਾਣੀ ਦੀ ਕਮੀ, ਕਿਤੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ, ਕਿਤੇ ਟੁੱਟੀਆਂ ਸੜਕਾਂ ਅਤੇ ਕਿਤੇ ਗਲੀਆਂ ਵਿੱਚ ਫੈਲੀ ਗੰਦਗੀ – ਇਹ ਸਮੱਸਿਆਵਾਂ ਸਿਰਫ਼ ਦਿੱਕਤ ਨਹੀਂ ਸਨ, ਸਗੋਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਇੱਕ ਸਜ਼ਾ ਵਾਂਗ ਬਣਾ ਰਹੀਆਂ ਸਨ। ਕਈ ਘਰਾਂ ਵਿੱਚ ਲੋਕ ਇਹ ਸੋਚ ਕੇ ਪਰੇਸ਼ਾਨ ਰਹਿੰਦੇ ਕਿ ਆਖ਼ਿਰ ਉਹਨਾਂ ਦੀ ਸੁਣੇਗਾ ਕੌਣ?
ਜਦੋਂ ਆਮ ਆਦਮੀ ਦੀ ਆਵਾਜ਼ ਕਿਤੇ ਨਹੀਂ ਸੁਣੀ ਜਾਂਦੀ, ਤਾਂ ਉਹ ਰੱਬ ਦੇ ਦਰ ਤੇ ਹੀ ਸਿਰ ਝੁਕਾਉਂਦਾ ਹੈ। ਵਾਰਡ ਨੰਬਰ 6 ਦੇ ਲੋਕਾਂ ਨੇ ਵੀ ਮਨ ਹੀ ਮਨ ਇੱਕ ਅਰਦਾਸ ਕੀਤੀ – “ਹੇ ਪ੍ਰਮਾਤਮਾ ! ਕੋਈ ਤਾਂ ਐਸਾ ਹੋਵੇ ਜੋ ਸਾਡਾ ਦਰਦ ਸਮਝੇ, ਜੋ ਸਾਡੀਆਂ ਮੁਸ਼ਕਲਾਂ ਨੂੰ ਆਪਣਾ ਸਮਝੇ।”
ਸ਼ਾਇਦ ਰੱਬ ਨੇ ਉਸ ਅਰਦਾਸ ਨੂੰ ਸੁਣ ਲਿਆ ਸੀ।
ਉਸੇ ਵਾਰਡ ਵਿੱਚ ਰਹਿਣ ਵਾਲਾ ਇੱਕ ਨੌਜਵਾਨ, ਜਿਸ ਦੇ ਦਿਲ ਵਿੱਚ ਆਪਣੇ ਇਲਾਕੇ ਦੇ ਲੋਕਾਂ ਲਈ ਬੇਅੰਤ ਦਰਦ ਸੀ, ਹਮੇਸ਼ਾ ਇਹ ਸੋਚਦਾ ਸੀ ਕਿ ਕਾਸ਼ ਉਸਦੇ ਕੋਲ ਕੋਈ ਐਸੀ ਤਾਕਤ ਹੋਵੇ, ਜਿਸ ਨਾਲ ਉਹ ਆਪਣੇ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਹਮੇਸ਼ਾਂ ਲਈ ਦੂਰ ਕਰ ਸਕੇ। ਉਹ ਨਾ ਕੋਈ ਕੌਂਸਲਰ ਸੀ, ਨਾ ਕਿਸੇ ਸਰਕਾਰੀ ਅਹੁਦੇ ’ਤੇ ਸੀ, ਪਰ ਫਿਰ ਵੀ ਜਿੱਥੋਂ ਤੱਕ ਉਸ ਤੋਂ ਬਣਿਆ, ਉਹ ਲੋਕਾਂ ਦੇ ਕੰਮ ਆਉਂਦਾ ਰਿਹਾ, ਉਹਨਾਂ ਦੀਆਂ ਮੁਸ਼ਕਲਾਂ ਸੁਣਦਾ ਰਿਹਾ ਅਤੇ ਆਪਣੀ ਸਮਰੱਥਾ ਅਨੁਸਾਰ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ।
ਇਹ ਸ਼ਖ਼ਸ ਹੈ ਦੀਪਕ ਕੁਮਾਰ ਉਰਫ਼ ਮਨੀ ਮਹਿੰਦਰੂ – ਵਾਰਡ ਨੰਬਰ 6 ਦਾ ਇੱਕ ਅਜਿਹਾ ਚਿਹਰਾ, ਜਿਸਨੂੰ ਕਈ ਲੋਕ ਆਪਣੇ ਵਿਚਕਾਰ ਖੜ੍ਹਾ ਹੋਇਆ ਇੱਕ ਸਹਾਰਾ ਮੰਨਣ ਲੱਗੇ ਹਨ।
ਜਦੋਂ ਸਰਵਪੱਖੀ ਵਿਕਾਸ ਵਾਲੀ ਸੋਚ ਰੱਖਣ ਵਾਲੀ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਨਕੋਦਰ ਸਰਕਲ ਦਾ ਯੂਥ ਪ੍ਰਧਾਨ ਬਣਾਇਆ, ਤਾਂ ਇਸ ਜ਼ਿੰਮੇਵਾਰੀ ਨੇ ਮਨੀ ਮਹਿੰਦਰੂ ਦੇ ਮਨ ਵਿੱਚ ਇੱਕ ਨਵਾਂ ਜਜ਼ਬਾ ਪੈਦਾ ਕੀਤਾ। ਉਸ ਦਿਨ ਤੋਂ ਉਹਨਾਂ ਨੇ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਹੋਰ ਗੰਭੀਰਤਾ ਨਾਲ ਸੁਣਣੀਆਂ ਸ਼ੁਰੂ ਕਰ ਦਿੱਤੀਆਂ। ਭਾਵੇਂ ਉਹਨਾਂ ਕੋਲ ਕੌਂਸਲਰ ਵਾਲੀ ਅਧਿਕਾਰਕ ਤਾਕਤ ਨਹੀਂ ਸੀ, ਫਿਰ ਵੀ ਉਹ ਬੁਨਿਆਦੀ ਪੱਧਰ ’ਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਯਤਨ ਕਰਦੇ ਰਹੇ। ਕਈ ਵਾਰ ਇੱਛਾ ਹੋਣ ਦੇ ਬਾਵਜੂਦ, ਅਧਿਕਾਰ ਨਾ ਹੋਣ ਕਰਕੇ ਉਹ ਸਥਾਈ ਹੱਲ ਨਹੀਂ ਕਰ ਸਕੇ।
ਪਰ ਹੁਣ ਹਾਲਾਤ ਬਦਲਣ ਦੇ ਮੋੜ ’ਤੇ ਖੜ੍ਹੇ ਹਨ।
ਅੱਜ ਵਾਰਡ ਨੰਬਰ 6 ਦੇ ਲੋਕਾਂ ਦੇ ਹੱਥ ਵਿੱਚ ਇੱਕ ਮੌਕਾ ਹੈ – ਇੱਕ ਫੈਸਲਾ, ਜੋ ਸਿਰਫ਼ ਵੋਟ ਨਹੀਂ, ਸਗੋਂ ਆਪਣੇ ਭਵਿੱਖ ਦੀ ਦਿਸ਼ਾ ਤੈਅ ਕਰ ਸਕਦਾ ਹੈ। ਦੀਪਕ ਕੁਮਾਰ (ਮਨੀ ਮਹਿੰਦਰੂ) ਇਸ ਵਾਰੀ ਨਕੋਦਰ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 6 ਤੋਂ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ। ਉਹ ਕਹਿੰਦੇ ਹਨ ਕਿ ਸਾਲਾਂ ਤੋਂ ਵਾਰਡ ਵਿੱਚ ਚੱਲ ਰਹੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਲਈ ਉਹਨਾਂ ਕੋਲ ਯੋਜਨਾਵਾਂ ਹਨ – ਹੁਣ ਸਿਰਫ਼ ਉਹਨਾਂ ਨੂੰ ਅਮਲ ਵਿੱਚ ਲਿਆਉਣ ਦਾ ਸਮਾਂ ਆ ਗਿਆ ਹੈ।
ਅੱਜ ਸਵਾਲ ਸਿਰਫ਼ ਇੱਕ ਉਮੀਦਵਾਰ ਦਾ ਨਹੀਂ, ਸਵਾਲ ਇੱਕ ਪੂਰੀ ਪੀੜ੍ਹੀ ਦੇ ਭਵਿੱਖ ਦਾ ਹੈ। ਸਵਾਲ ਇਹ ਹੈ ਕਿ ਕੀ ਵਾਰਡ ਨੰਬਰ 6 ਦੇ ਲੋਕ ਉਹੀ ਪੁਰਾਣੇ ਹਾਲਾਤਾਂ ਨੂੰ ਅੱਗੇ ਵੀ ਝੱਲਦੇ ਰਹਿਣਗੇ? ਕੀ ਉਹ ਮੁੜ ਉਹੀ ਗੰਦੇ ਪਾਣੀ, ਟੁੱਟੀਆਂ ਸੜਕਾਂ ਅਤੇ ਅਧੂਰੀਆਂ ਉਮੀਦਾਂ ਨਾਲ ਸਮਝੌਤਾ ਕਰ ਲੈਣਗੇ? ਜਾਂ ਫਿਰ ਇਸ ਵਾਰੀ ਇੱਕ ਨਵੀਂ ਸੋਚ, ਇੱਕ ਨਵੇਂ ਇਰਾਦੇ ਅਤੇ ਇੱਕ ਬਿਹਤਰ ਜੀਵਨਸ਼ੈਲੀ ਦੀ ਨੀਂਹ ਰੱਖਣ ਲਈ ਆਪਣਾ ਫੈਸਲਾ ਸੁਣਾਉਣਗੇ?
ਵਕਤ ਗਵਾਹ ਹੈ ਕਿ ਜਦੋਂ ਲੋਕ ਬਦਲਾਅ ਦਾ ਮਨ ਬਣਾ ਲੈਂਦੇ ਹਨ, ਤਾਂ ਇਤਿਹਾਸ ਵੀ ਬਦਲ ਜਾਂਦਾ ਹੈ। ਹੁਣ ਇਹ ਫੈਸਲਾ ਵਾਰਡ ਨੰਬਰ 6 ਦੀ ਜਨਤਾ ਦੇ ਹੱਥ ਵਿੱਚ ਹੈ ਕਿ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹੀ ਮੁਸ਼ਕਲਾਂ ਵਿਰਾਸਤ ਵਿੱਚ ਦੇਣਗੇ ਜਾਂ ਇੱਕ ਨਵੇਂ ਸੁਪਨੇ ਦੀ ਸ਼ੁਰੂਆਤ ਕਰਨਗੇ।

