ਨਕੋਦਰ: ਬਹੁਜਨ ਸਮਾਜ ਪਾਰਟੀ (ਬਸਪਾ) ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ (ਆਪ) ਅਤੇ ਹੋਰ ਮਨੂੰਵਾਦੀ ਪਾਰਟੀਆਂ ‘ਤੇ ਸੰਵਿਧਾਨ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਨਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਸਿਰਫ਼ “ਸੰਵਿਧਾਨ ਬਚਾਓ” ਦੀਆਂ ਗੱਲਾਂ ਕਰਦੀਆਂ ਹਨ, ਪਰ ਇਸਨੂੰ ਲਾਗੂ ਕਰਨ ਬਾਰੇ ਕੁਝ ਨਹੀਂ ਬੋਲਦੀਆਂ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਲਕੀਤ ਚੁੰਬਰ ਨੇ ਸਾਹਿਬ ਕਾਂਸ਼ੀ ਰਾਮ ਜੀ ਦੇ ਕਥਨ ਨੂੰ ਦੁਹਰਾਇਆ, “ਗ਼ਰੀਬਾਂ ਦੀ ਰੱਖਿਆ ਲਈ ਐਕਟ ਜਿੰਨੇ ਮਰਜ਼ੀ ਬਣ ਜਾਣ, ਜਿੰਨੀ ਦੇਰ ਐਕਟ ਉੱਪਰ ਸਹੀ ਮਾਅਨਿਆਂ ਵਿੱਚ ਐਕਸ਼ਨ ਨਹੀਂ, ਐਕਟ ਬੇਕਾਰ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਜੂਦਾ ਰਾਜਨੀਤਿਕ ਪਾਰਟੀਆਂ ਦੇ ਸ਼ਾਸਨਕਾਲ ਦੌਰਾਨ ਦਲਿਤਾਂ ਅਤੇ ਕਮਜ਼ੋਰ ਵਰਗਾਂ ‘ਤੇ ਹੋ ਰਹੇ ਅੱਤਿਆਚਾਰ ਇਸ ਗੱਲ ਦਾ ਸਬੂਤ ਹਨ ਕਿ ਇਹ ਪਾਰਟੀਆਂ ਸੰਵਿਧਾਨਿਕ ਮੁੱਲਾਂ ਪ੍ਰਤੀ ਗੰਭੀਰ ਨਹੀਂ ਹਨ।
ਉਨ੍ਹਾਂ ਨੇ ਰਾਜਸਥਾਨ ਵਿੱਚ ਕਾਂਗਰਸ ਦੇ ਰਾਜ ਦੌਰਾਨ ਛੋਟੇ ਬੱਚੇ ਇੰਦਰ ਮੇਘਵਾਲ ਦੇ ਘੜੇ ਨੂੰ ਹੱਥ ਲਾਉਣ ਕਰਕੇ ਹੋਏ ਕਤਲ ਅਤੇ ਭਾਜਪਾ ਦੇ ਰਾਜ ਉੱਤਰ ਪ੍ਰਦੇਸ਼ ਵਿੱਚ ਦਲਿਤ ਬੇਟੀ ਮਨੀਸ਼ਾ ਵਾਲਮੀਕਿ ਦੇ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਦਾ ਹਵਾਲਾ ਦਿੱਤਾ। ਇਸੇ ਤਰ੍ਹਾਂ, ਉਨ੍ਹਾਂ ਨੇ ਪੰਜਾਬ ਵਿੱਚ ‘ਆਮ ਆਦਮੀ ਪਾਰਟੀ’ ਦੇ ਰਾਜ ਵਿੱਚ ਦਲਿਤਾਂ ਨਾਲ ਹੁੰਦੇ ਅੱਤਿਆਚਾਰਾਂ ‘ਤੇ ਕੋਈ ਸੁਣਵਾਈ ਨਾ ਹੋਣ ਦੀ ਗੱਲ ਕਹੀ।
ਮਲਕੀਤ ਚੁੰਬਰ ਨੇ ਮਨੀਪੁਰ ਵਿੱਚ ਫੌਜੀ ਵੀਰ ਦੀ ਪਤਨੀ ਨੂੰ ਨੰਗਾ ਕਰਕੇ ਘੁਮਾਉਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ, ਜਿਸ ਤੋਂ ਬਾਅਦ ਫੌਜੀ ਵੀਰ ਨੇ ਬਿਆਨ ਦਿੱਤਾ ਸੀ ਕਿ “ਮੈਂ ਆਪਣੀ ਜਾਨ ‘ਤੇ ਖੇਡ ਕੇ ਦੇਸ਼ ਦੀ ਰਾਖੀ ਕੀਤੀ ਹੈ, ਪਰ ਆਪਣੇ ਘਰ ਦੀ ਰਾਖੀ ਨਹੀਂ ਕਰ ਸਕਿਆ।” ਉਨ੍ਹਾਂ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸਾਫ਼ ਜ਼ਾਹਰ ਕਰਦੀਆਂ ਹਨ ਕਿ ਜਿਨ੍ਹਾਂ ਨੇ ਵੀ ਹੁਣ ਤੱਕ ਰਾਜ ਕੀਤਾ ਹੈ, ਇਹ ਸਾਰੀਆਂ ਮਨੂੰਵਾਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਹਨ।
ਚੁੰਬਰ ਨੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹਨਾਂ ਪਾਰਟੀਆਂ ਨੇ ‘ਬਸਪਾ’ ਤੋਂ ਡਰਦਿਆਂ ਹੀ ‘ਸੰਵਿਧਾਨ ਬਚਾਓ’ ਦਾ ਡਰਾਮਾ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੇ ਝੂਠੇ ਡਰਾਮਿਆਂ ਵਿੱਚ ਨਾ ਆਉਣ ਅਤੇ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਣ, ਕਿਉਂਕਿ ਇਨ੍ਹਾਂ ਝੂਠ ਬੋਲ ਕੇ ਜਿੱਤਣ ਵਾਲਿਆਂ ਦੇ ਰਾਜ ਵਿੱਚ ਅਸੀਂ ਸੁਰੱਖਿਅਤ ਨਹੀਂ ਹਾਂ।