ਨਵੀਂ ਦਿੱਲੀ, 27 ਅਗਸਤ 2025 – ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਦੇਸ਼ ਭਰ ਦੇ ਸਕੂਲੀ ਬੱਚਿਆਂ ਦੇ ਆਧਾਰ ਕਾਰਡ ਨਾਲ ਸਬੰਧਤ ਲਾਜ਼ਮੀ ਬਾਇਓਮੈਟ੍ਰਿਕ ਅਪਡੇਟਸ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ। ਇਸ ਮਕਸਦ ਲਈ UIDAI ਨੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨਾਲ ਹੱਥ ਮਿਲਾਇਆ ਹੈ। ਹੁਣ ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ (UDISE+) ਐਪਲੀਕੇਸ਼ਨ ‘ਤੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟਾਂ (MBU) ਦੀ ਸਥਿਤੀ ਉਪਲਬਧ ਹੋਵੇਗੀ।
5 ਅਤੇ 15 ਸਾਲ ਦੀ ਉਮਰ ‘ਤੇ ਲਾਜ਼ਮੀ ਹੈ ਅਪਡੇਟ
ਆਧਾਰ ਵਿੱਚ ਬੱਚਿਆਂ ਦੇ ਬਾਇਓਮੈਟ੍ਰਿਕ ਡਾਟਾ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ ਬਣਾਈ ਰੱਖਣ ਲਈ, 5 ਸਾਲ ਅਤੇ 15 ਸਾਲ ਦੀ ਉਮਰ ‘ਤੇ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਲਾਜ਼ਮੀ ਹੈ। ਇਹ ਕਦਮ ਕਰੋੜਾਂ ਵਿਦਿਆਰਥੀਆਂ ਨੂੰ ਆਧਾਰ ਨਾਲ ਸਬੰਧਤ ਸੇਵਾਵਾਂ ਦਾ ਲਾਭ ਲੈਣ ਵਿੱਚ ਮਦਦ ਕਰੇਗਾ। ਇੱਕ ਰਿਪੋਰਟ ਅਨੁਸਾਰ, ਇਸ ਸਮੇਂ ਲਗਭਗ 17 ਕਰੋੜ ਆਧਾਰ ਨੰਬਰ ਅਜਿਹੇ ਹਨ ਜਿਨ੍ਹਾਂ ਵਿੱਚ ਲਾਜ਼ਮੀ ਬਾਇਓਮੈਟ੍ਰਿਕ ਅਪਡੇਟਸ ਪੈਂਡਿੰਗ ਹਨ। UDISE+ ਐਪਲੀਕੇਸ਼ਨ ‘ਤੇ ਅਪਡੇਟ ਦੀ ਸਥਿਤੀ ਉਪਲਬਧ ਹੋਣ ਨਾਲ, ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਲਈ ਬੱਚਿਆਂ ਦੇ ਆਧਾਰ ਕਾਰਡਾਂ ਨੂੰ ਸਮੇਂ ਸਿਰ ਅਪਡੇਟ ਕਰਵਾਉਣਾ ਆਸਾਨ ਹੋ ਜਾਵੇਗਾ। ਇਸ ਨਾਲ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
