ਨਕੋਦਰ: ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ, ਮਲਕੀਤ ਚੁੰਬਰ ਨੇ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਅਤੇ ਵਿਕਾਸ ਕਾਰਜਾਂ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ (ਮੁੱਖ ਮੰਤਰੀ) ਕਹਿੰਦਾ ਹੁੰਦਾ ਸੀ ਕਿ ਇਸ ਨੂੰ ਖਜ਼ਾਨਾ ਕਿਉਂ ਕਹਿੰਦੇ ਹੋ, ਖ਼ਾਲੀ ਪੀਪਾ ਕਹੋ, ਹੁਣ ਤਾਂ ਇਨ੍ਹਾਂ ਨੇ ਖ਼ਜ਼ਾਨੇ ਦੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਹਨ ਕਿ ਹੁਣ ਤਾਂ ਮੰਗਣ ਵਾਲਾ ਖ਼ਾਲੀ ਠੂਠਾ ਹੀ ਰਹਿ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਏ ਦਿਨ ਕੋਈ ਨਾ ਕੋਈ ਕਰਜ਼ਾ ਲੈਣ ਲਈ ਪੰਜਾਬ ਸਰਕਾਰ ਠੂਠਾ ਫੜ ਕੇ ਮੰਗਦੀ ਨਜ਼ਰ ਆ ਰਹੀ ਹੈ।
ਮਲਕੀਤ ਚੁੰਬਰ ਨੇ ਸਵਾਲ ਉਠਾਇਆ ਕਿ ਵਿਕਾਸ ਕਾਰਜਾਂ ਲਈ ਲਿਆ ਪੈਸਾ ਲੱਗਦਾ ਪਤਾ ਨਹੀਂ ਕਿੱਥੇ ਜਾ ਰਿਹਾ ਹੈ, ਕਿਤੇ ਨਜ਼ਰ ਨਹੀਂ ਆਉਂਦਾ, ਸਿਵਾਏ ਨੀਂਹ ਪੱਥਰਾਂ ਦੇ। ਉਨ੍ਹਾਂ ਖਾਸ ਤੌਰ ‘ਤੇ ਹਲਕਾ ਨਕੋਦਰ ਦੀਆਂ ਸੜਕਾਂ ਦੀ ਖ਼ਰਾਬ ਹਾਲਤ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜੀ ਨੂੰ ਜੇਕਰ ਸਿੱਧਵਾਂ ਸਟੇਸ਼ਨ ਤੋਂ ਪੰਡੋਰੀ ਨੱਤਾਂ ਜਾਣਾ ਹੁੰਦਾ ਹੈ, ਤਾਂ ਵਾਇਆ ਨਵਾਂ ਪਿੰਡ ਸ਼ੌਕੀਆ ਤੋਂ ਲੰਘਣਾ ਪੈਂਦਾ ਹੈ, ਕਿਉਂਕਿ ਲਿੱਤਰਾਂ ਅੱਡੇ ਤੋਂ ਸਿੱਧਵਾਂ ਸਟੇਸ਼ਨ ਤੱਕ ਦੀ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਉਸ ਰਸਤੇ ਜਾਣਾ ਠੀਕ ਨਹੀਂ ਲੱਗਦਾ।
ਚੁੰਬਰ ਨੇ ਕਿਹਾ ਕਿ ਸ਼ਾਇਦ ਜਨਤਾ ਦੀ ਇਸ ਪ੍ਰੇਸ਼ਾਨੀ ਦੀ ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੀਰ ਪਿੰਡ ਵਿੱਚ ਲੱਗੀ ਫੈਕਟਰੀ ਲਈ ਨਾੜ ਨਾਲ ਭਰੀਆਂ ਟਰਾਲੀਆਂ ਇਸੇ ਟੁੱਟੀ ਹੋਈ ਸੜਕ ਤੋਂ ਲੰਘਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬੀਰ ਪਿੰਡ ਦੀਆਂ ਸੜਕਾਂ ਸਾਫ਼ ਅਤੇ ਖੁੱਲ੍ਹੀਆਂ ਹਨ, ਪਰ ਉੱਥੋਂ ਦੀ ਉਨ੍ਹਾਂ ਨੂੰ ਲੰਘਣ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਇੱਕ ਤਾਂ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਅਤੇ ਸਿੰਗਲ ਹੈ, ਦੂਸਰਾ ਭਾਰੀ-ਭਰਕਮ ਟਰਾਲੀਆਂ ਦਾ ਲੰਘਣਾ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ।
ਮਲਕੀਤ ਚੁੰਬਰ ਨੇ ਬੀਬੀ ਇੰਦਰਜੀਤ ਕੌਰ ਮਾਨ ਜੀ ਨੂੰ ਅਪੀਲ ਕੀਤੀ ਕਿ ਉਹ ਬੀਰ ਪਿੰਡ ਦੇ ਫਾਟਕ ਤੋਂ ਬਣੀ ਚੌੜੀ ਸੜਕ ਨੂੰ ਭੱਠੇ ਕੋਲ ਦੀ ਪਿੰਡੋਂ ਬਾਹਰ-ਬਾਹਰ ਦੀ ਫੈਕਟਰੀ ਤੱਕ ਸੜਕ ਬਣਾ ਕੇ ਦੇਣ, ਤਾਂ ਕਿ ਲੋਕਾਂ ਨੂੰ ਕੁਝ ਸੁਖ ਮਿਲ ਸਕੇ। ਉਨ੍ਹਾਂ ਜ਼ੋਰ ਦਿੱਤਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਸੜਕ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ।