ਲੁਧਿਆਣਾ: ਫੂਡ ਸੇਫਟੀ ਵਿਭਾਗ ਵੱਲੋਂ ਮਿਲਾਵਟਖੋਰੀ ਅਤੇ ਗੰਦਗੀ ਵਾਲੇ ਮਾਹੌਲ ਵਿੱਚ ਖਾਧ ਪਦਾਰਥ ਤਿਆਰ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੀਰਵਾਰ ਨੂੰ ਇੱਕ ਘਰ ਤੋਂ ਚਲਾਈ ਜਾ ਰਹੀ ਅਚਾਰ, ਮੁਰੱਬੇ, ਸਿਰਕੇ ਅਤੇ ਸੌਸ ਦੀ ਯੂਨਿਟ ‘ਤੇ ਕਾਰਵਾਈ ਕੀਤੀ ਗਈ। ਫੂਡ ਸੇਫਟੀ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਅਸਫਾਈ ਵਾਲੀਆਂ ਸਥਿਤੀਆਂ ਸਾਹਮਣੇ ਆਉਣ ‘ਤੇ ਯੂਨਿਟ ਦਾ ਚਲਾਨ ਕੀਤਾ ਗਿਆ, ਜਦਕਿ ਮੌਕੇ ਤੋਂ ਤਿੰਨ ਫੂਡ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ।
ਗੰਦਗੀ ਦੇ ਢੇਰ ‘ਚੋਂ ਮਿਲਿਆ ਖ਼ਰਾਬ ਮਾਲ, ਮੌਕੇ ‘ਤੇ ਹੀ ਹੋਇਆ ਨਸ਼ਟ
ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਜਾਣਕਾਰੀ ਦਿੰਦਿਆ ਕਿ ਜਾਂਚ ਦੌਰਾਨ ਅਸਫਾਈ ਵਾਲੀਆਂ ਸਥਿਤੀਆਂ ਵਿੱਚ ਪਏ ਅਚਾਰ, ਮੁਰੱਬੇ ਅਤੇ ਸੌਸ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਬਾਕੀ ਸਟਾਕ ਨੂੰ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਜ਼ਬਤ ਕਰ ਲਿਆ ਗਿਆ। ਵਿਭਾਗ ਅਨੁਸਾਰ ਜ਼ਬਤ ਕੀਤੇ ਸਟਾਕ ਵਿੱਚ ਕਰੀਬ 150 ਪੇਟੀਆਂ ਸੌਸ, 2 ਡਰਮ ਮੁਰੱਬਾ ਅਤੇ 5 ਗੈਲਨ ਸਿਰਕਾ ਸ਼ਾਮਲ ਹੈ।
ਬਾਹਰਲੇ ਰਾਜਾਂ ਤੋਂ ਮੰਗਵਾ ਕੇ ਬ੍ਰਾਂਡ ਹੇਠ ਹੋ ਰਹੀ ਸੀ ਪੈਕਿੰਗ
ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਬੰਧਤ ਵਿਅਕਤੀ ਵੱਲੋਂ ਬਾਹਰਲੇ ਰਾਜਾਂ ਤੋਂ ਮੰਗਵਾਏ ਜਾ ਰਹੇ ਸਿਰਕੇ ਅਤੇ ਮੁਰੱਬੇ ਸਮੇਤ ਹੋਰ ਖਾਧ ਪਦਾਰਥਾਂ ਨੂੰ ‘ਜੈ ਠਾਕੁਰ ਜੀ’ ਬ੍ਰਾਂਡ ਦੇ ਮਾਰਕੇ ਹੇਠ ਪੈਕ ਕੀਤਾ ਜਾ ਰਿਹਾ ਸੀ। ਪੈਕ ਕੀਤੇ ਉਤਪਾਦ ਇਸੇ ਬ੍ਰਾਂਡ ਦੇ ਨਾਮ ਹੇਠ ਬਾਜ਼ਾਰ ਵਿੱਚ ਵਿਕਰੀ ਅਤੇ ਸਪਲਾਈ ਲਈ ਭੇਜੇ ਜਾ ਰਹੇ ਸਨ। ਫੂਡ ਸੇਫਟੀ ਟੀਮ ਵੱਲੋਂ ਪੈਕਿੰਗ ‘ਤੇ ਦਰਜ ਲੇਬਲ, ਬ੍ਰਾਂਡਿੰਗ, ਪੈਕਿੰਗ ਮਿਤੀ ਅਤੇ ਹੋਰ ਲਾਜ਼ਮੀ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਤਪਾਦਾਂ ਦੀ ਖਰੀਦ ਦੇ ਸਰੋਤ, ਪੈਕਿੰਗ ਅਤੇ ਬਾਜ਼ਾਰ ਵਿੱਚ ਸਪਲਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਛੇ ਮਹੀਨਿਆਂ ਤੋਂ ਚੱਲ ਰਿਹਾ ਸੀ ਗੋਰਖਧੰਦਾ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਬੰਧਤ ਵਿਅਕਤੀ ਵੱਲੋਂ ਇਹ ਕਾਰੋਬਾਰ ਕਰੀਬ ਛੇ ਮਹੀਨਿਆਂ ਤੋਂ ਕੀਤਾ ਜਾ ਰਿਹਾ ਸੀ। ਮੁੱਢਲੀ ਜਾਣਕਾਰੀ ਅਨੁਸਾਰ ਉਤਪਾਦਾਂ ਦੀ ਤਿਆਰੀ ਅਤੇ ਹੈਂਡਲਿੰਗ ਘਰ ਵਿੱਚ ਕੀਤੀ ਜਾ ਰਹੀ ਸੀ, ਜਦਕਿ ਪੈਕਿੰਗ ਦਾ ਕੰਮ ਕਿਸੇ ਹੋਰ ਸਥਾਨ ‘ਤੇ ਕੀਤੇ ਜਾਣ ਸਬੰਧੀ ਵੀ ਜਾਣਕਾਰੀ ਮਿਲੀ ਹੈ। ਵਿਭਾਗ ਵੱਲੋਂ ਯੂਨਿਟ ਦੇ ਫੂਡ ਸੇਫਟੀ ਲਾਇਸੈਂਸ/ਰਜਿਸਟ੍ਰੇਸ਼ਨ, ਪੈਕਿੰਗ, ਲੇਬਲਿੰਗ, ਬ੍ਰਾਂਡਿੰਗ, ਉਤਪਾਦਾਂ ਦੇ ਸਰੋਤ ਅਤੇ ਸਪਲਾਈ ਚੇਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਲੈਬ ਰਿਪੋਰਟ ਆਉਣ ਮਗਰੋਂ ਹੋਵੇਗੀ ਅਗਲੀ ਕਾਰਵਾਈ
ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮੌਕੇ ਤੋਂ ਲਏ ਗਏ ਸੈਂਪਲਾਂ ਦੀ ਲੈਬਾਰਟਰੀ ਜਾਂਚ ਕਰਵਾਈ ਜਾ ਰਹੀ ਹੈ। ਲੈਬਾਰਟਰੀ ਰਿਪੋਰਟ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਅਸਫਾਈ ਵਾਲੀਆਂ ਸਥਿਤੀਆਂ ਵਿੱਚ ਖਾਧ ਪਦਾਰਥ ਤਿਆਰ ਜਾਂ ਪੈਕ ਕਰਨ ਅਤੇ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਭਾਗ ਵੱਲੋਂ ਕਾਰਵਾਈ ਲਗਾਤਾਰ ਜਾਰੀ ਰਹੇਗੀ।




ਸੰਪਾਦਕੀ ਟਿੱਪਣੀ:
ਘਰਾਂ ਦੇ ਅੰਦਰ ਲੁਕ ਕੇ ਚੱਲ ਰਹੀਆਂ ਅਜਿਹੀਆਂ ਯੂਨਿਟਾਂ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹਨ, ਖ਼ਾਸ ਕਰਕੇ ਜਦੋਂ ਜਾਣੇ-ਪਛਾਣੇ ਬ੍ਰਾਂਡ ਦੇ ਨਾਮ ਹੇਠ ਬਿਨਾਂ ਸਫਾਈ ਦੇ ਮਿਆਰਾਂ ਦੀ ਪਾਲਣਾ ਕੀਤੇ ਮਾਲ ਬਾਜ਼ਾਰ ਵਿੱਚ ਭੇਜਿਆ ਜਾ ਰਿਹਾ ਹੋਵੇ। ਛੇ ਮਹੀਨਿਆਂ ਤੱਕ ਇਹ ਕਾਰੋਬਾਰ ਬਿਨਾਂ ਕਿਸੇ ਰੋਕ-ਟੋਕ ਦੇ ਚੱਲਦਾ ਰਹਿਣਾ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਸਮੇਂ ਸਿਰ ਕਿਉਂ ਨਹੀਂ ਫੜੀਆਂ ਜਾਂਦੀਆਂ। ਫੂਡ ਸੇਫਟੀ ਵਿਭਾਗ ਦੀ ਇਹ ਕਾਰਵਾਈ ਸ਼ਲਾਘਾਯੋਗ ਹੈ, ਪਰ ਲੋੜ ਹੈ ਕਿ ਅਜਿਹੀਆਂ ਮੁਹਿੰਮਾਂ ਨਿਰੰਤਰ ਅਤੇ ਵਿਆਪਕ ਪੱਧਰ ‘ਤੇ ਚਲਾਈਆਂ ਜਾਣ ਤਾਂ ਜੋ ਆਮ ਖ਼ਪਤਕਾਰ ਮਿਲਾਵਟਖੋਰੀ ਦੇ ਖ਼ਤਰੇ ਤੋਂ ਬਚ ਸਕਣ।
